ਮੰਕੀਪੌਕਸ ਦੇ ਵਧਦੇ ਮਾਮਲਿਆਂ ਦੌਰਾਨ ਕੇਂਦਰ ਸਰਕਾਰ ਨੇ ਜਾਰੀ ਕੀਤੀ ਐਡਵਾਈਜ਼ਰੀ, ਪੜ੍ਹੋ ਕੀ ਕਰੀਏ ਤੇ ਕੀ ਨਹੀਂ

ਦੇਸ਼ ‘ਚ ਮੰਕੀਪੌਕਸ ਦੇ ਵਧਦੇ ਮਾਮਲਿਆਂ ਦਰਮਿਆਨ ਕੇਂਦਰ ਸਰਕਾਰ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਲੰਬੇ ਸਮੇਂ ਤਕ ਇਨਫੈਕਟਿਡ ਲੋਕਾਂ ਦੇ ਸੰਪਰਕ ‘ਚ ਰਹਿਣ ਜਾਂ ਮਿਲਣ ਨਾਲ ਮੰਕੀਪੌਕਸ ਹੋ ਸਕਦਾ ਹੈ। ਐਡਵਾਈਜ਼ਰੀ ਮੁਤਾਬਕ ਇਨਫੈਕਸ਼ਨ ਤੋਂ ਬਚਣ ਲਈ ਸਾਬਣ ਨਾਲ ਹੱਥ ਧੋਣ ਜਾਂ ਸੈਨੀਟਾਈਜ਼ਰ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ। ਵਾਇਰਸ ਦੇ ਖਤਰੇ ਦੇ ਮੱਦੇਨਜ਼ਰ ਵਿਸ਼ਵ ਸਿਹਤ ਸੰਗਠਨ ਨੇ ਮੰਕੀਪੌਕਸ ਨੂੰ ਜਨਤਕ ਸਿਹਤ ਐਮਰਜੈਂਸੀ ਐਲਾਨਿਆ ਹੈ। ਭਾਰਤ ਵਿੱਚ ਵੀ ਇਸ ਦੇ ਕਈ ਮਾਮਲੇ ਸਾਹਮਣੇ ਆਏ ਹਨ।

ਮੰਕੀਪੌਕਸ ਸਰੀਰ ਵਿਚ ਤਿੰਨ ਤੋਂ ਚਾਰ ਹਫ਼ਤਿਆਂ ਤਕ ਰਹਿ ਸਕਦਾ ਹੈ। ਜੇ ਮੰਕੀਪੌਕਸ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਬੁਖਾਰ ਹੁੰਦਾ ਹੈ। ਇਸ ਦੇ ਨਾਲ ਸਰੀਰ ਤੇ ਮਾਸਪੇਸ਼ੀਆਂ ਵਿੱਚ ਦਰਦ, ਸਿਰ ਦਰਦ ਤੇ ਲਿੰਫ ਨੋਡਜ਼ ‘ਚ ਸੋਜ ਹੁੰਦੀ ਹੈ। ਚਿਹਰੇ ‘ਤੇ ਧੱਫੜ ਨਜ਼ਰ ਆਉਂਦੇ ਹਨ, ਜੋ ਹੌਲੀ-ਹੌਲੀ ਸਰੀਰ ਵਿਚ ਫੈਲ ਜਾਂਦੇ ਹਨ।

ਕੀ ਕਰੀਏ ਤੇ ਕੀ ਨਾ ਕਰੀਏ

ਐਡਵਾਈਜ਼ਰੀ ਮੁਤਾਬਕ ਇਨਫੈਕਸ਼ਨ ਹੋਣ ਦੀ ਸਥਿਤੀ ‘ਚ ਪਹਿਲਾਂ ਮਰੀਜ਼ ਨੂੰ ਦੂਜੇ ਲੋਕਾਂ ਤੋਂ ਅਲੱਗ ਕਰ ਦਿਓ। ਸਾਬਣ ਨਾਲ ਹੱਥ ਧੋਵੋ ਜਾਂ ਸੈਨੀਟਾਈਜ਼ਰ ਦੀ ਵਰਤੋਂ ਕਰੋ। ਜੇਕਰ ਤੁਹਾਡੇ ਆਸ-ਪਾਸ ਕੋਈ ਮੰਕੀਪੌਕਸ ਦਾ ਮਰੀਜ਼ ਹੈ ਤਾਂ ਮਾਸਕ ਅਤੇ ਦਸਤਾਨੇ ਜ਼ਰੂਰ ਲਓ। ਜਿੱਥੇ ਤੁਸੀਂ ਰਹਿੰਦੇ ਹੋ ਉੱਥੇ ਕੀਟਾਣੂਨਾਸ਼ਕ ਦੀ ਵਰਤੋਂ ਕਰੋ। ਮਰੀਜ਼ ਵੱਲੋਂ ਵਰਤੇ ਗਏ ਚਾਦਰਾਂ ਜਾਂ ਤੌਲੀਏ ਦੀ ਵਰਤੋਂ ਨਾ ਕਰੋ। ਜੇਕਰ ਤੁਹਾਡੇ ‘ਚ ਮੰਕੀਪੌਕਸ ਦੇ ਲੱਛਣ ਦਿਸ ਰਹੇ ਹੋਣ ਤਾਂ ਭੀੜ ਵਾਲੀਆਂ ਥਾਵਾਂ ਜਾਂ ਜਨਤਕ ਸਮਾਗਮਾਂ ‘ਚ ਜਾਣ ਤੋਂ ਬਚੋ। ਗਲਤ ਜਾਣਕਾਰੀ ਦੇ ਕੇ ਲੋਕਾਂ ਨੂੰ ਗੁੰਮਰਾਹ ਨਾ ਕਰੋ। ਸਿਰਫ਼ ਉਹ ਜਾਣਕਾਰੀ ਸਾਂਝੀ ਕਰੋ ਜੋ ਕਿਸੇ ਡਾਕਟਰ ਦੁਆਰਾ ਪ੍ਰਮਾਣਿਤ ਕੀਤੀ ਗਈ ਹੋਵੇ ਜਾਂ ਕਿਸੇ ਸਿਹਤ ਏਜੰਸੀ ਦੁਆਰਾ ਜਾਰੀ ਕੀਤੀ ਗਈ ਹੋਵੇ।

6 ਤੋਂ 13 ਦਿਨਾਂ ‘ਚ ਦਿਖਾਈ ਦਿੰਦੇ ਹਨ ਲੱਛਣ

ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂਐਚਓ) ਦੇ ਅਨੁਸਾਰ, ਇਨਫੈਕਟਿਡ ਹੋਣ ਤੋਂ ਬਾਅਦ ਮੰਕੀਪੌਕਸ ਦੇ ਲੱਛਣ ਦਿਖਾਉਣ ਵਿਚ 6 ਤੋਂ 13 ਦਿਨ ਲੱਗ ਜਾਂਦੇ ਹਨ। ਕੁਝ ਮਾਮਲਿਆਂ ‘ਚ ਇਸ ਵਿੱਚ 5 ਤੋਂ 21 ਦਿਨ ਵੀ ਲੱਗ ਸਕਦੇ ਹਨ। ਬੁਖਾਰ, ਸਿਰ ਦਰਦ, ਥਕਾਵਟ ਤੇ ਪਿੱਠ ਦਰਦ ਵਰਗੇ ਲੱਛਣ ਲਾਗ ਦੇ ਦਿਨ ਤੋਂ ਅਗਲੇ 5 ਦਿਨਾਂ ਦੇ ਅੰਦਰ ਦਿਖਾਈ ਦਿੰਦੇ ਹਨ। ਬੁਖਾਰ ਸ਼ੁਰੂ ਹੋਣ ਤੋਂ 1 ਤੋਂ 3 ਦਿਨਾਂ ਦੇ ਅੰਦਰ ਚਮੜੀ ‘ਤੇ ਆਪਣਾ ਅਸਰ ਦਿਖਾਉਣਾ ਸ਼ੁਰੂ ਹੋ ਜਾਂਦਾ ਹੈ ਤੇ ਧੱਫੜ ਨਿਕਲਣੇ ਸ਼ੁਰੂ ਹੋ ਜਾਂਦੇ ਹਨ। 95 ਫੀਸਦੀ ਕੇਸਾਂ ‘ਚ, ਧੱਫੜ ਚਿਹਰੇ ‘ਤੇ ਦਿਖਾਈ ਦਿੰਦੇ ਹਨ ਅਤੇ 75 ਫੀਸਦੀ ਕੇਸਾਂ ਵਿੱਚ, ਧੱਫੜ ਹਥੇਲੀਆਂ ਤੇ ਪੈਰਾਂ ਦੀਆਂ ਤਲੀਆਂ ‘ਤੇ ਹੁੰਦੇ ਹਨ।

Leave a Reply

Your email address will not be published. Required fields are marked *