ਚੰਡੀਗੜ੍ਹ : ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿਚਾਲੇ ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਪੁਲਿਸ ਵਾਹਨਾਂ ਨੂੰ ਨਿਸ਼ਾਨਾ ਬਣਾ ਕੇ ਹੈਂਡ ਗ੍ਰਨੇਡ ਨਾਲ ਅੱਤਵਾਦੀ ਹਮਲੇ ਦੇ ਖ਼ਤਰੇ ਦਾ ਅਲਰਟ ਜਾਰੀ ਕੀਤਾ ਹੈ। ਹਾਲਾਂਕਿ, ਇਸ ਵਿਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਕਿਤੇ ਵੀ ਜ਼ਿਕਰ ਨਹੀਂ ਹੈ। ਉੱਥੇ, ਯਾਤਰਾ ਕਾਰਨ ਜਲੰਧਰ-ਪਾਨੀਪਤ ਨੈਸ਼ਨਲ ਹਾਈਵੇ ’ਤੇ ਟ੍ਰੈਫਿਕ ਦੋ ਦਿਨਾਂ ਤਕ ਪ੍ਰਭਾਵਿਤ ਰਹੇਗਾ। ਪੁਲਿਸ ਨੇ ਕਈ ਥਾੲੀਂ ਰੂਟ ਡਾਇਵਰਟ ਕਰ ਦਿੱਤਾ ਹੈ।
ਪੁਲਿਸ ਵੱਲੋਂ ਲਿਖੇ ਗਏ ਪੱਤਰ ਮੁਤਾਬਕ, ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਪੰਜਾਬ ’ਚ ਵੱਡੀ ਵਾਰਦਾਤ ਕਰਵਾ ਸਕਦੀ ਹੈ। ਪੁਲਿਸ ਵਾਹਨਾਂ ਤੇ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਇਸ ਦੇ ਲਈ ਖ਼ਾਲਿਸਤਾਨੀ ਸਮਰਥਕ ਅੱਤਵਾਦੀ ਸੰਗਠਨਾਂ ਦੀ ਮਦਦ ਲਈ ਜਾ ਰਹੀ ਹੈ। ਵਾਰਦਾਤ ਨੂੰ ਅੰਜਾਮ ਦੇਣ ਲਈ ਗੈਂਗਸਟਰਾਂ ਤੇ ਪੰਜਾਬ ’ਚ ਸਰਗਰਮ ਸਲੀਪਰ ਸੈੱਲਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਲੋਹੜੀ ’ਤੇ ਇਕ ਦਿਨ ਦੇ ਵਿਰਾਮ ਤੋਂ ਬਾਅਦ ਰਾਹੁਲ ਗਾਂਧੀ ਸ਼ਨਿਚਰਵਾਰ ਸਵੇਰੇ ਛੇ ਵਜੇ ਲੁਧਿਆਣਾ ਦੇ ਲਾਡੋਵਾਲ ਤੋਂ ਯਾਤਰਾ ਸ਼ੁਰੂ ਕਰਨਗੇ ਤੇ ਕਪੂਰਥਲਾ ਦੇ ਫਗਵਾੜਾ ’ਚ ਪੜਾਅ ਤੋਂ ਬਾਅਦ ਐਤਵਾਰ ਸਵੇਰੇ ਜਲੰਧਰ ’ਚ ਦਾਖ਼ਲ ਹੋਣਗੇ। ਯਾਤਰਾ ਦੇ ਪੰਜਾਬ ’ਚ ਦਾਖ਼ਲ ਹੋਣ ਤੋਂ ਪਹਿਲਾਂ ਕਾਂਗਰਸ ਦੇ ਜਨਰਲ ਸਕੱਤਰ ਵੇਣੂਗੋਪਾਲ ਨੇ ਰਾਹੁਲ ਗਾਂਧੀ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਈ ਸੀ। ਉਨ੍ਹਾਂ ਗ੍ਰਹਿ ਵਿਭਾਗ ਨੂੰ ਪੱਤਰ ਲਿਖ ਕੇ ਰਾਹੁਲ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ ਸੀ। ਹੁਣ ਪੁਲਿਸ ਦੇ ਅਲਰਟ ਤੋਂ ਬਾਅਦ ਸੁਰੱਖਿਆ ਵਧਾਈ ਜਾ ਰਹੀ ਹੈ। ਜਿੱਥੋਂ-ਜਿੱਥੋਂ ਯਾਤਰਾ ਲੰਘੇਗੀ, ਉੱਥੇ ਸੁਰੱਖਿਆ ਦੇ ਕਰੜੇ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਪਿਛਲੇ ਸਾਲ ਪੰਜਾਬ ਪੁਲਿਸ ਦੇ ਮੁਹਾਲੀ ਸਥਿਤ ਖ਼ੁਫ਼ੀਆ ਵਿੰਗ ਦੇ ਹੈੱਡਕੁਆਰਟਰ ’ਤੇ ਅਤੇ ਤਰਨਤਾਰਨ ਦੇ ਥਾਣੇ ’ਤੇ ਰਾਕੇਟ ਪ੍ਰੋਪਲਡ ਗ੍ਰਨੇਡ ਨਾਲ ਹਮਲਾ ਹੋ ਚੁੱਕਾ ਹੈ।
ਟ੍ਰੈਫਿਕ ਰੂਟ ਲਈ ਦੋ ਹੈਲਪਲਾਈਨ ਨੰਬਰ ਜਾਰੀ
ਜਲੰਧਰ-ਲੁਧਿਆਣਾ ਹਾਈਵੇ ਸ਼ਨਿਚਰਵਾਰ ਸਵੇਰੇ ਵਾਹਨਾਂ ਲਈ ਬੰਦ ਰਹੇਗਾ, ਜਦਕਿ ਐਤਵਾਰ ਨੂੰ ਜਲੰਧਰ ਤੋਂ ਅੰਮ੍ਰਿਤਸਰ ਹਾਈਵੇ ’ਤੇ ਰੋਕ ਰਹੇਗੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ 14 ਤੇ 15 ਜਨਵਰੀ ਨੂੰ ਬਦਲਵੇਂ ਰਸਤੇ ਦੀ ਵਰਤੋਂ ਕਰਨ। ਜਲੰਧਰ ਪੁਲਿਸ ਨੇ ਟ੍ਰੈਫਿਕ ਬਦਲਾਅ ਦੀ ਜਾਣਕਾਰੀ ਜਾਂ ਸਹਾਇਤਾ ਲਈ ਹੈਲਪਲਾਈਨ ਨੰਬਰ 0181-2227296 ਤੇ 98763-00923 ਵੀ ਜਾਰੀ ਕੀਤੇ ਹਨ।
300 ਮੀਟਰ ਘੇਰੇ ’ਚ ਲਾਇਸੈਂਸੀ ਹਥਿਆਰ ਜਮ੍ਹਾਂ, ਸੀਸੀਟੀਵੀ ਕੈਮਰੇ ਜਾਂਚੇ
ਪੰਜਾਬ ਪੁਲਿਸ ਨੇ ਯਾਤਰਾ ਦੇ ਰੂਟ ਦੇ 300 ਮੀਟਰ ਦੇ ਘੇਰੇ ’ਚ ਆਉਣ ਵਾਲੇ ਸਾਰੇ ਲੋਕਾਂ ਦੇ ਲਾਇਸੈਂਸੀ ਹਥਿਆਰ ਜਮ੍ਹਾਂ ਕਰਵਾ ਲਏ ਹਨ। ਪੁਲਿਸ ਖ਼ੁਦ ਲੋਕਾਂ ਤੱਕ ਪਹੁੰਚ ਰਹੀ ਹੈ। ਦੁਕਾਨਾਂ ਤੇ ਘਰਾਂ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕਰ ਰਹੀ ਹੈ। ਯਾਤਰਾ ਦੌਰਾਨ ਫੁੱਲਾਂ ਦੀ ਬਾਰਿਸ਼ ਦੀ ਇਜਾਜ਼ਤ ਨਹੀਂ ਹੋਵੇਗੀ। ਕਿਸੇ ਵੀ ਆਗੂ ਦੇ ਸੁਰੱਖਿਆ ਮੁਲਾਜ਼ਮ ਹਥਿਆਰਾਂ ਨਾਲ ਯਾਤਰਾ ’ਚ ਸ਼ਾਮਲ ਨਹੀਂ ਹੋਣਗੇ।