ਸਿੱਖਾਂ ਲਈ ਪੱਗ ਸਿਰ ਦਾ ਤਾਜ਼ ਉਹਦੀ ਥਾਂ ਲੋਹ-ਟੋਪ ਨਹੀਂ ਲੈ ਸਕਦੈ : ਬੀਬੀ ਜਗੀਰ ਕੌਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੇਂਦਰ ਸਰਕਾਰ ਵੱਲੋਂ ਸਿੱਖ ਫੌਜ਼ੀਆਂ ਲਈ ਪੱਗੜੀ ਦੀ ਥਾਂ ਲੋਹਟੋਪ ਬਣਾਏ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਇੱਥੋਂ ਜਾਰੀ ਕੀਤੇ ਇੱਕ ਪ੍ਰੈਸ਼ ਬਿਆਨ ਵਿੱਚ ਕਿਹਾ ਕਿ ਸਿੱਖਾਂ ਲਈ ਪੱਗ 8 ਜਾਂ 10 ਮੀਟਰ ਦਾ ਕੱਪੜਾ ਨਹੀਂ ਸਗੋਂ ਇਹ ਸਿੱਖੀ ਦੀ ਪਛਾਣ ਹੈ। ਇਹ ਪੰਥ ਦੀ ਸ਼ਾਨ ਹੈ। ਇਸ ਦੀ ਥਾਂ ਕੋਈ ਵੀ ਦੂਸਰੀ ਚੀਜ਼ ਲੈ ਹੀ ਨਹੀਂ ਸਕਦੀ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹ ਇੱਕ ਡੂੰਘੀ ਸ਼ਾਜਿਸ਼ ਲੱਗ ਰਹੀ ਹੈ ,ਜਿਸ ਰਾਹੀ ਸਿੱਖਾਂ ਦੀ ਪਛਾਣ ਨੂੰ ਖਤਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਸ ਲੋਹਟੋਪ ਨੂੰ ਕੋਈ ਸਿੱਖ ਫੌਜ਼ੀ ਨਹੀਂ ਪਾ ਸਕਦਾ ਕਿਉਂਕਿ ਪੱਗੜੀ ਸਿੱਖ ਧਰਮ ਤੇ ਸਭਿਆਚਾਰ ਦੀ ਪਛਾਣ ਹੈ। ਸਿੱਖ ਕੌਮ `ਤੇ ਹਰ ਸਮੇਂ ਕੋਈ ਨਾ ਕੋਈ ਹਮਲਾ ਹੁੰਦਾ ਹੀ ਰਹਿੰਦਾ ਹੈ।
ਅਜਿਹਾ ਹੀ ਕੋਝਾ ਯਤਨ ਕਿਸਾਨ ਅੰਦੋਲਨ ਵੇਲੇ ਵੀ ਕੀਤਾ ਗਿਆ ਸੀ ਜਦੋਂ ਪੰਜਾਬ ਦੇ ਸਿੱਖ ਕਿਸਾਨਾਂ ਨੂੰ  ਗੋਦੀ ਮੀਡੀਆ ਵੱਲੋਂ ਅਤਿਵਾਦੀ -ਵੱਖਵਾਦੀ ਕਹਿ-ਕਹਿ ਕੇ ਭੰਡਣ ਦਾ ਯਤਨ ਕੀਤਾ ਸੀ ਪਰ ਇਸ ਵਿੱਚ ਹਕੂਮਤਾਂ ਨੂੰ ਸਫਲਤਾ ਨਹੀਂ ਸੀ ਮਿਲ ਸਕੀ।ਪੱਗ ਦੀ ਥਾਂ ਲੋਹੇ ਦਾ ਹੈਲਮੇਟ ਦੇਣ ਇਹ ਇੱਕ ਬਹੁਤ ਸੋਚੀ ਸਮਝੀ ਤੇ ਡੂੰਘੀ ਸ਼ਾਜਿਸ਼ ਸਾਫ਼ ਦਿਖਾਈ ਦੇ ਰਹੀ ਹੈ।

ਬੀਬੀ ਜਗੀਰ ਕੌਰ ਨੇ ਸਪੱਸ਼ਟ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਰਿਹਾ ਹੈ ਕਿ ਸਿੱਖ ਕੌਮ ਨੇ ਸਿੱਖੀ ਕਾਇਮ ਰੱਖਣ ਲਈ ਬੰਦ-ਬੰਦ ਕਟਵਾਏ ਸਨ। ਚਰਖੜੀਆਂ `ਤੇ ਚੜ੍ਹੇ ਸਨ ਪਰ ਕਿਸੇ ਵੀ ਜ਼ਾਲਮ ਹਾਕੂਮਤ ਦੀ ਈਨ ਨਹੀਂ ਸੀ ਮੰਨੀ।ਸਿੱਖੀ ਨੂੰ ਕੇਸਾਂ ਤੇ ਸਵਾਹਾਂ ਨਾਲ ਨਿਭਾਇਆ ਸੀ।ਗੁਰੂ ਵੱਲੋਂ ਬਖ਼ਸ਼ਿਸ਼ ਕੀਤੇ  ਜ਼ਜ਼ਬੇ  ਕਦੇਂ ਖਤਮ ਨਹੀਂ ਕੀਤਾ ਜਾ ਸਕਦਾ। ਬੀਬੀ ਜਗੀਰ ਕੌਰ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਇਸ ਫੈਸਲੇ ਨੂੰ ਤੁਰੰਤ ਵਾਪਸ ਲਵੇ।

ਉਨ੍ਹਾਂ ਕਿਹਾ ਕਿ ਦੂਜੇ  ਵਿਸ਼ਵ ਯੁੱਧ ਦੌਰਾਨ ਵੀ ਸਿੱਖ ਫੌਜ਼ੀਆਂ ਨੇ ਲੋਹਟੋਪ ਨਹੀਂ ਸੀ ਪਹਿਨਿਆ ਸਗੋਂ ਪੱਗੜੀ ਬੰਨ ਕੇ ਲੜਾਈ ਲੜੀ ਸੀ।ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿੱਚ ਇੱਕ ਸਿੱਖ ਨੂੰ ਤਾਂ ਕੱਪੜੇ ਦੀ ਟੋਪੀ ਪਹਿਣ ਦੀ ਮਨਾਹੀ ਹੈ।ਉਨ੍ਹਾਂ ਕਿਹਾ ਕਿ ਸਿੱਖ ਫੌਜ਼ੀਆਂ ਨੇ ਪਾਕਿਸਤਾਨ ਤੇ ਚੀਨ ਨਾਲ ਜਿਹੜੀਆਂ ਜੰਗਾਂ ਲੜੀਆਂ ਸਨ ਉਹ ਪੱਗ ਬੰਨ੍ਹ ਕੇ ਹੀ ਲੜੀਆਂ ਸਨ। ਉਨ੍ਹਾਂ ਕਿਹਾ ਕਿ ਇਹ ਸਵਾਲ ਹੀ ਪੈਦਾ ਹੁੰਦਾ ਕਿ ਕੋਈ ਗੁਰੂ ਦਾ ਸਿੱਖ ਗੁਰੂ ਤੋਂ ਬੇਮੁਖ ਹੋਵੇਗਾ।

Leave a Reply

Your email address will not be published. Required fields are marked *