ਟੀਕਾਕਰਨ ’ਤੇ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ (ਐਨਟਾਗੀ) ਦੇ ਕੋਰੋਨਾ ਸਬੰਧੀ ਕਾਰਜਕਾਰੀ ਗਰੁੱਪ ਨੇ ਕੋਵੀਸ਼ੀਲਡ ਜਾਂ ਕੋਵੈਕਸੀਨ ਦੀਆਂ ਦੋਵਾਂ ਡੋਜ਼ ਲੈ ਚੁੱਕੇ ਲੋਕਾਂ ਨੂੰ ਬੂਸਟਰ ਡੋਜ਼ ਵਜੋਂ ਕੋਰਬੇਵੈਕਸ ਲਗਾਉਣ ਦੀ ਮਨਜ਼ੂਰੀ ਦੇਣ ਦੀ ਸਿਫ਼ਾਰਸ਼ ਕੀਤੀ ਹੈ। ਹੈਦਰਾਬਾਦ ਦੀ ਬਾਇਓਲਾਜੀਕਲ ਈ ਨੇ ਕੋਰਬੇਵੈਕਸ ਨੂੰ ਵਿਕਸਿਤ ਕੀਤਾ ਹੈ।
ਇਹ ਜਾਣਕਾਰੀ ਦਿੰਦੇ ਹੋਏ ਸੂਤਰਾਂ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਸਰਕਾਰ ਤੋਂ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਦੇਸ਼ ’ਚ ਪਹਿਲੀ ਵਾਰ ਹੋਵੇਗਾ ਕਿ ਮੁੱਢਲੀ ਵੈਕਸੀਨ ਤੋਂ ਵੱਖਰੀ ਵੈਕਸੀਨ ਦੀ ਵਰਤੋਂ ਬੂਸਟਰ ਡੋਜ਼ ਵਜੋਂ ਕੀਤੀ ਜਾਵੇਗੀ। ਦੇਸ਼ ’ਚ ਬੂਸਟਰ ਡੋਜ਼ ਇਹਤਿਆਤੀ ਡੋਜ਼ ਦੇ ਨਾਂ ਨਾਲ ਲਗਾਈ ਜਾ ਰਹੀ ਹੈ। ਇਹਤਿਆਤੀ ਡੋਜ਼ ਵਜੋਂ ਮੁੱਢਲੀ ਡੋਜ਼ ਵਾਲੀ ਵੈਕਸੀਨ ਹੀ ਲਗਾਈ ਜਾਂਦੀ ਹੈ।
ਨੇਜ਼ਲ ਵੈਕਸੀਨ ਨੂੰ ਇਸ ਮਹੀਨੇ ਮਨਜ਼ੂਰੀ ਮਿਲਣ ਦੀ ਉਮੀਦ : ਭਾਰਤ ਬਾਇਓਟੈੱਕ
ਹੈਦਰਾਬਾਦ ਸਥਿਤ ਕੰਪਨੀ ਭਾਰਤ ਬਾਇਓਟੈੱਕ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਕ੍ਰਿਸ਼ਨਾ ਏਲਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਕੋਰੋਨਾ ਰੋਕੂ ਨੇਜ਼ਲ (ਨੱਕ ਰਾਹੀਂ ਦਿੱਤੀ ਜਾਣ ਵਾਲੀ) ਵੈਕਸੀਨ ਨੂੰ ਡਰੱਗ ਰੈਗੂਲੇਟਰੀ ਤੋਂ ਇਸ ਮਹੀਨੇ ਮਨਜ਼ੂਰੀ ਮਿਲਣ ਦੀ ਉਮੀਦ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗੁਜਰਾਤ ਦੇ ਅਲੰਕੇਸ਼ਵਰ ਸਥਿਤ ਉਨ੍ਹਾਂ ਦੀ ਵੈਕਸੀਨ ਉਤਪਾਦਨ ਯੂਨਿਟ ਦੁਨੀਆ ਦੀਆਂ ਉਨ੍ਹਾਂ ਦੋ ਯੂਨਿਟਾਂ ’ਚੋਂ ਇਕ ਹੈ ਜਿਹਡ਼ੀ ਮੰਕੀਪਾਕਸ ਰੋਕੂ ਵੈਕਸੀਨ ਬਣਾਉਣ ’ਚ ਸਮਰੱਥ ਹੈ। ਦੂਜੀ ਯੂਨਿਟ ਜਰਮਨੀ ਦੀ ਬੈਵਰੀਅਨ ਨਾਰਡਿਕ ਹੈ। ਭਾਰਤ ਬਾਇਓਟੈੱਕ ਵੱਲੋਂ ਵਿਕਸਿਤ ਕੋਰੋਨਾ ਰੋਕੂ ਵੈਕਸੀਨ ਕੋਵੈਕਸੀਨ ਦੀ ਟੀਕਾਕਰਨ ਮੁਹਿੰਮ ’ਚ ਵਰਤੋਂ ਕੀਤੀ ਜਾ ਰਹੀ ਹੈ।