ਜ਼ਿਲ੍ਹੇ ’ਚ ਲੰਪੀ ਸਕਿਨ ਬਿਮਾਰੀ ਨੇ ਪਸ਼ੂਆਂ ਨੂੰ ਆਪਣੀ ਲਪੇਟ ’ਚ ਲੈ ਲਿਆ ਹੈ। ਕਰੀਬ 1700 ਤੋਂ ਵੱਧ ਪਸ਼ੂ ਬਿਮਾਰੀ ਦੀ ਲਪੇਟ ’ਚ ਆ ਚੁੱਕੇ ਹਨ। ਇਨ੍ਹਾਂ ’ਚ 90 ਫ਼ੀਸਦੀ ਗਊਆਂ ਹਨ। ਕਈ ਥਾਵਾਂ ’ਤੇ ਮੱਝਾਂ ’ਚ ਵੀ ਬਿਮਾਰੀ ਦੇ ਲੱਛਣ ਦੇਖਣ ਨੂੰ ਮਿਲੇ ਹਨ। ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਪਸ਼ੂ ਪਾਲਣ ਹਸਪਤਾਲ ’ਚ ਵੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਲੰਪੀ ਸਕਿਨ ਬਿਮਾਰੀ ਸਕਿਨ ਬਿਮਾਰੀ ਤੋਂ ਪੀਡ਼ਤ ਪਸ਼ੂ ਇਲਾਜ ਲਈ ਆ ਰਹੇ ਹਨ। ਜ਼ਿਲ੍ਹੇ ’ਚ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਪਰਮਦੀਪ ਸਿੰਘ ਵਾਲੀਆ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬਿਮਾਰੀ ਦੀ ਲਪੇਟ ’ਚ ਆਏ ਜ਼ਿਆਦਾਤਰ ਪਸ਼ੂ ਪੇਂਡੂ ਖੇਤਰਾਂ ਨਾਲ ਸਬੰਧਤ ਹਨ। ਇਸਤੋਂ ਇਲਾਵਾ ਕਈ ਗਊ ਸ਼ਾਲਾਵਾਂ ’ਚ ਵੀ ਗਊਆਂ ਇਸ ਬਿਮਾਰੀ ਦੀ ਲਪੇਟ ’ਚ ਆਈਆਂ ਹਨ।
ਵੈਟਰਨਰੀ ਮਾਹਿਰਾਂ ਦੀ ਦੇਖ-ਰੇਖ ’ਚ ਬਿਮਾਰ ਗਊਆਂ ਦੇ ਇਲਾਜ ਲਈ ਟੀਮਾਂ ਲਗਾ ਦਿੱਤੀਆਂ ਗਈਆਂ ਹਨ। ਕਰੀਬ 70 ਤੋਂ 75 ਫ਼ੀਸਦੀ ਪਸ਼ੂ ਰਿਕਵਰ ਹੋ ਚੁੱਕੇ ਹਨ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਬਿਮਾਰੀ ਨਾਲ ਪਸ਼ੂਆਂ ਦੀ ਮੌਤ ਦੀ ਗੱਲ ਸਾਹਮਣੇ ਨਹੀਂ ਆਈ ਹੈ। ਬਿਮਾਰੀ ਤੋਂ ਪੀਡ਼ਤ ਪਸ਼ੂਆਂ ਦੀ ਗਿਣਤੀ ਵੱਧ ਹੋ ਸਕਦੀ ਹੈ। ਪਿੰਡ, ਬਲਾਕ ਪੱਧਰ ’ਤੇ ਟੀਮਾਂ ਜਾਂਚ ਕਰ ਰਹੀਆਂ ਹਨ। ਬਿਮਾਰੀ ਦੀ ਰੋਕਥਾਮ ਨੂੰ ਲੈ ਕੇ ਟੀਮਾਂ ਪੂਰੀ ਤਰ੍ਹਾਂ ਅਲਰਟ ਹਨ। ਬਿਮਾਰੀ ਦੀ ਰੋਕਥਾਮ ਨੂੰ ਲੈ ਕੇ ਟੀਮਾਂ ਪੂਰੀ ਤਰ੍ਹਾਂ ਅਲਰਟ ਹਨ। ਜ਼ਿਲ੍ਹੇ ’ਚ 6 ਲੱਖ ਦੇ ਕਰੀਬ ਪਸ਼ੂ ਹਨ। ਇਨ੍ਹਾਂ ’ਚੋਂ 40 ਹਜ਼ਾਰ ਦੇ ਕਰੀਬ ਭੇਡ-ਬਕਰੀਆਂ ਹਨ, ਜਦਕਿ ਸਾਢੇ 5 ਲੱਖ ਤੋਂ ਪੌਣੇ 6 ਲੱਖ ਦੇ ਕਰੀਬ ਗਊਆਂ-ਮੱਝਾਂ ਹਨ।
ਸਾਰੇ ਪਸ਼ੂ ਪਾਲਕਾਂ, ਡੇਅਰੀਆਂ ਤੇ ਗਊ ਸ਼ਾਲਾਵਾਂ ਦੇ ਸੰਚਾਲਕਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਜੇਕਰ ਉਨ੍ਹਾਂ ਨੂੰ ਉਕਤ ਬਿਮਾਰੀ ਦੇ ਲੱਛਣਾਂ ਸਬੰਧੀ ਕੋਈ ਪਸ਼ੂ ਦਿਖਾਈ ਦੇਵੇ ਤਾਂ ਉਹ ਤੁਰੰਤ ਪਸ਼ੂ ਪਾਲਣ ਵਿਭਾਗ ਨੂੰ ਸੂਚਿਤ ਕਰਨ। ਬਿਮਾਰ ਪਸ਼ੂਆਂ ਦਾ ਇਲਾਜ ਕਰਵਾਉਣ ਲਈ ਪਿੰਡ ਲੈਵਲ ’ਤੇ ਬਣਾਈਆਂ ਡਿਸਪੈਂਸਰੀਆਂ ’ਚ ਜਾ ਕੇ ਵੈਟਰਨਰੀ ਡਾਕਟਰ ਤੋਂ ਪਸ਼ੂਆਂ ਦਾ ਇਲਾਜ ਕਰਵਾਉਣ।
ਬਿਮਾਰੀ ਪੀਡ਼ਤ ਪਸ਼ੂਆਂ ਦਾ ਦੁੱਧ ਪੀਣ ਨਾਲ ਅਸਰ ਦਾ ਕੋਈ ਮਾਮਲਾ ਨਹੀਂ ਆਇਆ ਸਾਹਮਣੇ
ਡਿਪਟੀ ਡਾਇਰੈਕਟਰ ਡਾ. ਪਰਮਦੀਪ ਸਿੰਘ ਨੇ ਕਿਹਾ ਕਿ ਹਾਲੇ ਤਕ ਵਿਦੇਸ਼ਾਂ ’ਚ ਹੋਈ ਸਟੱਡੀ ’ਚ ਲੰਪੀ ਵਾਇਰਸ ਨਾਲ ਪੀਡ਼ਤ ਪਸ਼ੂ ਦਾ ਦੁੱਧ ਪੀਣ ਨਾਲ ਇਨਸਾਨਾਂ ’ਤੇ ਅਸਰ ਹੋਣ ਸਬੰਧੀ ਕੋਈ ਕੇਸ ਰਿਪੋਰਟ ਨਹੀਂ ਹੋਇਆ ਹੈ। ਇਸ ਦਾ ਕਾਰਨ ਇਹ ਹੈ ਕਿ ਦੁੱਧ ਨੂੰ ਗਰਮ ਕਰ ਕੇ ਪੀਤਾ ਜਾਂਦਾ ਹੈ। ਇਸ ਕਾਰਨ ਬੈਕਟਰੀਆ ਜਾਂ ਵਾਇਰਸ ਖ਼ਤਮ ਹੋ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੁੱਧ ਨੂੰ ਉਬਾਲ ਕੇ ਹੀ ਪੀਣ।
ਜ਼ਿਆਦਾ ਮਾਤਰਾ ’ਚ ਐਂਟੀਬਾਇਓਟਿਕ ਲੈ ਰਹੇ ਪਸ਼ੂਆਂ ਦਾ ਦੁੱਧ ਪੀਣ ਨਾਲ ਹੋ ਸਕਦੈ ਅਸਰ
ਗਡਵਾਸੂ ਦੇ ਵੈਟਰਨਰੀ ਮੈਡੀਸਨ ਵਿਭਾਗ ਦੇ ਪ੍ਰਮੁੱਖ ਡਾ. ਅਸ਼ਵਨੀ ਕੁਮਾਰ ਦਾ ਕਹਿਣਾ ਹੈ ਕਿ ਉਕਤ ਬਿਮਾਰੀ ਨਾਲ ਪੀਡ਼ਤ ਦੁਧਾਰੂ ਪਸ਼ੂਆਂ ਨੂੰ ਇਲਾਜ ਤਹਿਤ ਜੇਕਰ ਬਹੁਤ ਜ਼ਿਆਦਾ ਐਂਟੀਬਾਇਓਟਿਕ ਦਿੱਤੀ ਜਾ ਰਹੀ ਹੈ, ਤਾਂ ਉਸ ਦਾ ਅਸਰ ਦੁੱਧ ’ਤੇ ਵੀ ਜਾਂਦਾ ਹੈ। ਇਹ ਕਈ ਅਧਿਐਨਾਂ ’ਚ ਸਾਹਮਣੇ ਆਇਆ ਹੈ। ਅਜਿਹੇ ’ਚ ਪਸ਼ੂ ਪਾਲਕਾਂ ਨੂੰ ਅਪੀਲ ਹੈ ਕਿ ਲੰਪੀ ਸਕਿਨ ਪੀਡ਼ਤ ਪਸ਼ੂਆਂ, ਜਿਨ੍ਹਾਂ ਨੂੰ ਜ਼ਿਆਦਾ ਮਾਤਰਾ ’ਚ ਐਂਟੀ-ਬਾਇਓਟਿਕ ਦਿੱਤੀ ਜਾ ਰਹੀ ਹੈ, ਉਨ੍ਹਾਂ ਦਾ ਦੁੱਧ ਵੇਚਣ ਤੋਂ ਬਚਣ। ਸਿਹਤਮੰਦ ਪਸ਼ੂਆਂ ਦਾ ਦੁੱਧ ਹੀ ਵੇਚਣ ਨੂੰ ਪਹਿਲ ਦੇਣ।
ਕੀ ਹੈ ਲੰਪੀ ਸਕਿਨ ਬਿਮਾਰੀ
ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਵੈਟਰਨਰੀ ਮੈਡੀਸਨ ਵਿਭਾਗ ਦੇ ਪ੍ਰਮੁੱਖ ਡਾ. ਅਸ਼ਵਨੀ ਕੁਮਾਰ ਨੇ ਕਿਹਾ ਕਿ ਲੰਪੀ ਵਾਇਰਸ ਕੈਪ੍ਰੀਪਾਕਸ ਫੈਮਿਲੀ ਦਾ ਵਾਇਰਸ ਹੈ। ਇਸ ਬਿਮਾਰੀ ਦਾ ਮੁੱਖ ਲੱਛਣ ਪਸ਼ੂਆਂ ਦੇ ਸਰੀਰ ’ਤੇ ਗੱਠਾਂ ਬਣਨਾ ਹੈ। ਇਹ ਬਿਮਾਰੀ ਜ਼ਿਆਦਾਤਰ ਗਰਮ ਤੇ ਨਮੀ ਵਾਲੇ ਮੌਸਮ ’ਚ ਹੁੰਦੀ ਹੈ। ਇਸ ਬਿਮਾਰੀ ਨਾਲ ਪੀਡ਼ਤ ਪਸ਼ੂ ਨੂੰ ਦੋ ਤੋਂ ਤਿੰਨ ਦਿਨ ਤਕ ਹਲਕਾ ਬੁਖਾਰ ਰਹਿੰਦਾ ਹੈ ਤੇ ਪੂਰੇ ਸਰੀਰ ’ਤੇ ਦੋ ਤੋਂ ਪੰਜ ਸੈਂਟੀਮੀਟਰ ਦੀਆਂ ਗੱਠਾਂ ਉਭਰ ਕੇ ਸਾਹਮਣੇ ਆਉਂਦੀਆਂ ਹਨ। ਇਸ ਨਾਲ ਚਮਡ਼ੀ ਗਲ ਜਾਂਦੀ ਹੈ ਤੇ ਪਸ਼ੂ ਕਮਜ਼ੋਰ ਹੋ ਜਾਂਦਾ ਹੈ। ਇਸ ਦੇ ਨਾਲ ਕਈ ਤਰ੍ਹਾਂ ਦੇ ਲੱਛਣ ਜਿਵੇਂ ਕਿ ਪ੍ਰਜਨਨ ਅੰਗਾਂ ’ਚ ਜ਼ਖ਼ਮ, ਪੈਰਾਂ ’ਚ ਪਾਣੀ ਭਰਨਾ, ਦੁੱਧ ’ਚ ਕਮੀ, ਨਾਡ਼ਾਂ ਤੇ ਫੇਫਡ਼ਿਆਂ ਤਕ ਬਿਮਾਰੀ ਫੈਲਣ ਨਾਲ ਪਸ਼ੂਆਂ ਦੀ ਮੌਤ ਤਕ ਹੋ ਸਕਦੀ ਹੈ। ਹਾਲਾਂਕਿ ਜ਼ਿਆਦਾਤਰ ਪਸ਼ੂ ਦੋ ਹਫ਼ਤਿਆਂ ’ਚ ਠੀਕ ਹੋ ਜਾਂਦਾ ਹੈ ਪਰ ਦੁੱਧ ਦੀ ਪੈਦਾਵਾਰ 50 ਫ਼ੀਸਦੀ ਤਕ ਘੱਟ ਜਾਂਦੀ ਹੈ।
ਵੈਕਸੀਨੇਸ਼ਨ ਤੇ ਚੌਕਸੀ ਨਾਲ ਬਚਿਆ ਜਾ ਸਕਦੈ ਹੈ ਗੰਭੀਰ ਖ਼ਤਰਿਆਂ ਤੋਂ
ਡਾ. ਅਸ਼ਵਨੀ ਨੇ ਕਿਹਾ ਕਿ ਪੰਜਾਬ ’ਚ ਇਹ ਬਿਮਾਰੀ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ। ਰੋਕਥਾਮ ਲਈ ਜ਼ਰੂਰੀ ਹੈ ਕਿ ਜੋ ਪਸ਼ੂ ਸਿਹਤਮੰਦ ਹਨ, ਉਨ੍ਹਾਂ ਦੀ ਵੈਕਸੀਨੇਸ਼ਨ ਜਲਦੀ ਕਰਵਾਈ ਜਾਵੇ। ਜੇਕਰ ਪਸ਼ੂ ਬਿਮਾਰੀ ਦੀ ਲਪੇਟ ’ਚ ਆ ਜਾਂਦਾ ਹੈ ਤਾਂ ਵੈਕਸੀਨੇਸ਼ਨ ਦੀ ਜਗ੍ਹਾ ਇਲਾਜ ਜ਼ਰੂਰੀ ਹੈ।