ਸਰਕਾਰ ਕਾਰਾਂ ‘ਚ ਸੇਫਟੀ ਫੀਚਰਜ਼ (Car Safety Features) ਨੂੰ ਲੈ ਕੇ ਕਾਫੀ ਐਕਟਿਵ ਹੈ। ਦੇਸ਼ ਵਿਚ ਸੜਕ ਹਾਦਸਿਆਂ (Road Accident) ਕਾਰਨ ਹੋਣ ਵਾਲੀਆਂ ਮੌਤਾਂ ਘਟਾਉਣ ਲਈ ਸਰਕਾਰ ਵੱਡਾ ਫ਼ੈਸਲਾ ਲੈਣ ਵਾਲੀ ਹੈ। ਸਰਕਾਰ ਜਲਦ ਹੀ ਹਰੇਕ ਕਾਰ ‘ਚ ਘੱਟੋ-ਘੱਟ 6 ਏਅਰਬੈਗ (Air Bag) ਲਾਜ਼ਮੀ ਕਰਨ ਵਾਲੀ ਹੈ। ਇਸ ਸਬੰਧੀ ਨੋਟੀਫਿਕੇਸ਼ਨ ਆਉਣ ਵਾਲੇ ਮਹੀਨਿਆਂ ‘ਚ ਜਾਰੀ ਕੀਤਾ ਜਾ ਸਕਦਾ ਹੈ। ਆਟੋ ਕੰਪਨੀਆਂ ਲਈ ਇਹ ਨਿਯਮ ਕਦੋਂ ਤੋਂ ਲਾਗੂ ਹੋਵੇਗਾ, ਸਰਕਾਰ ਨੇ ਇਸ ਬਾਰੇ ਸੰਸਦ ‘ਚ ਦੱਸਿਆ ਹੈ।
ਲੋਕ ਸਭਾ ‘ਚ ਭਾਰਤੀ ਜਨਤਾ ਪਾਰਟੀ (BJP) ਦੇ ਐੱਮਪੀ ਨਿਸ਼ੀਕਾਂਤ ਦੂਬੇ ਨੇ ਕਾਰਾਂ ‘ਚ ਏਅਰਬੈਗ ਨੂੰ ਲੈ ਕੇ ਸਵਾਲ ਪੁੱਛਿਆ। ਉਨ੍ਹਾਂ ਕੇਂਦਰੀ ਸੜਕ ਆਵਾਜਾਈ ਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ (Nitin Gadkari) ਤੋਂ ਪੁੱਛਿਆ ਕੇ ਹਰੇਕ ਕਾਰ ‘ਚ ਘੱਟੋ-ਘੱਟ 6 ਏਅਰਬੈਗਜ਼ ਕਦੋਂ ਤੋਂ ਲਾਜ਼ਮੀ ਕੀਤੇ ਜਾਣਗੇ ? ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਉਨ੍ਹਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਸਰਕਾਰ ਇਸ ਪ੍ਰਸਤਾਵ ‘ਤੇ ਵਿਚਾਰ ਕਰ ਰਹੀ ਹੈ। ਇਸ ਨੂੰ ਜਲਦ ਹੀ ਲਾਗੂ ਕੀਤਾ ਜਾਵੇਗਾ।
ਨਿਤਿਨ ਗਡਕਰੀ ਨੇ ਗੱਡੀਆਂ ‘ਚ ਲੱਗਣ ਵਾਲੇ ਏਅਰਬੈਗ ਦੀ ਕੀਮਤ ਵੀ ਸਦਨ ‘ਚ ਦੱਸੀ। ਜੂਨ ਮਹੀਨੇ ਮਾਰੂਤੀ ਦੇ ਚੇਅਰਮੈਨ ਆਰਸੀ ਭਾਰਗਵ ਨੇ ਕਿਹਾ ਸੀ 6 ਏਅਰਬੈਗ ਕਾਰਨ ਸਸਤੀਆਂ ਗੱਡੀਆਂ ਮਹਿੰਗੀਆਂ ਹੋ ਜਾਣਗੀਆਂ। ਉਨ੍ਹਾਂ ਕਿਹਾ ਸੀ ਕਿ ਛੋਟੀ ਕਾਰ ‘ਚ ਵੀ ਜੇਕਰ 6 ਏਅਰਬੈਗ ਲਗਾਏ ਗਏ ਤਾਂ ਉਨ੍ਹਾਂ ਦੀ ਕੀਮਤ 60,000 ਰੁਪਏ ਤਕ ਵਧ ਜਾਵੇਗੀ। ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਲੋਕ ਸਭਾ ‘ਚ ਇਕ ਏਅਰਬੈਗ ‘ਤੇ ਆਉਣ ਵਾਲੇ ਖ਼ਰਚ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਇਕ ਏਅਰਬੈਗ ਦੀ ਕੀਮਤ ਸਿਰਫ਼ 800 ਰੁਪਏ ਹੈ ਪਰ ਕੰਪਨੀ ਇਸ ‘ਤੇ 15,000 ਰੁਪਏ ਕਿਉਂ ਲੈ ਰਹੀ ਹੈ? ਨਿਤਿਨ ਗਡਕਰੀ ਅਨੁਸਾਰ, ਇਕ ਏਅਰਬੈਗ ਦੀ ਕੀਮਤ 800 ਰੁਪਏ ਹੈ ਤੇ 4 ਏਅਰਬੈਗ ਦਾ ਖਰਚ 3200 ਰੁਪਏ ਹੁੰਦਾ ਹੈ। ਇਸ ਦੇ ਨਾਲ ਹੀ ਕੁਝ ਸੈਂਸਰ ਤੇ ਸਪੋਰਟਿੰਗ ਅਸੈੱਸਰੀਜ਼ ਇੰਸਟਾਲ ਕੀਤੀ ਜਾਵੇਗੀ ਤਾਂ ਏਅਰਬੈਗ ਦਾ ਖਰਚ 500 ਰੁਪਏ ਤਕ ਵਧ ਸਕਦਾ ਹੈ। ਇਸ ਹਿਸਾਬ ਨਾਲ ਇਕ ਏਅਰਬੈਗ ਲਗਾਉਣ ਦਾ ਖਰਚ 1300 ਰੁਪਏ ਹੋ ਸਕਦਾ ਹੈ। ਮਤਲਬ ਇਹ ਹੈ ਕਿ 4 ਏਅਰਬੈਗ ਦਾ ਖਰਚ 5200 ਰੁਪਏ ਹੋਵੇਗਾ। ਫਿਰ ਕੰਪਨੀ ਕਿਉਂ ਇਸ ਦਾ ਖਰਚ 60 ਹਜ਼ਾਰ ਰੁਪਏ ਦੱਸ ਰਹੀ ਹੈ?
ਕੰਪਨੀ ਕਿਉਂ ਦੱਸ ਰਹੀ 60 ਹਜ਼ਾਰ ਦਾ ਖਰਚ
ਮਾਰੂਤੀ ਦੇ ਚੇਅਰਮੈਨ ਆਰਸੀ ਭਾਰਗਵ ਨੇ ਦੱਸਿਆ ਸੀ ਕਿ ਕਾਰਾਂ ‘ਚ ਜੇਕਰ 6 ਏਅਰਬੈਗ ਲਗਾਏ ਗਏ ਤਾਂ ਉਨ੍ਹਾਂ ਦੀ ਕੀਮਤ 60 ਹਜ਼ਾਰ ਰੁਪਏ ਤਕ ਵਧ ਜਾਵੇਗੀ। ਕਾਰਾਂ ‘ਚ ਪਹਿਲਾਂ ਤੋਂ ਹੀ 2 ਏਅਰਬੈਗ ਹੁੰਦੇ ਹਨ। ਵਾਧੂ 4 ਏਅਰਬੈਗ ਲਗਾਉਣ ਦਾ ਖਰਚ 60,000 ਰੁਪਏ ਆਵੇਗਾ ਯਾਨੀ ਪ੍ਰਤੀ ਏਅਰਬੈਗ 15,000 ਰੁਪਏ ਦੀ ਲਾਗਤ ਆਵੇਗੀ।
ਹੁਣ ਤਕ ਕਾਰਾਂ ਦੀ ਫੰਰਟ ਸੀਟ ਪੈਸੰਜਰ ਲਈ ਏਅਰਬੈਗ ਲਾਜ਼ਮੀ ਹਨ। ਹੁਣ ਸਰਕਾਰ ਪਿਛਲੀ ਸੀਟ ‘ਤੇ ਬੈਠਣ ਵਾਲੇ ਪੈਸੰਜਰ ਲਈ ਵੀ ਏਅਰਬੈਗ ਲਾਜ਼ਮੀ ਕਰਨ ਵਾਲੀ ਹੈ। ਗਡਕਰੀ ਨੇ ਸੰਸਦ ‘ਚ ਦੱਸਿਆ ਕਿ ਦੇਸ਼ ਵਿਚ ਹਰ ਸਾਲ 5 ਲੱਖ ਤਕ ਸੜਕ ਹਾਦਸੇ ਹੁੰਦੇ ਹਨ ਜਿਨ੍ਹਾਂ ਵਿਚ ਡੇਢ ਲੱਖ ਤਕ ਜਾਨਾਂ ਚਲੀਆਂ ਜਾਂਦੀਆਂ ਹਨ।
ਪਹਿਲਾਂ ਸਿਰਫ਼ ਡਰਾਈਵਰ ਸੀਟ ਲਈ ਸੀ ਲਾਜ਼ਮੀ
ਪਹਿਲੀ ਵਾਰ ਜਦੋਂ ਗੱਡੀਆਂ ‘ਚ ਏਅਰਬੈਗ ਦਾ ਨਿਯਮ ਸ਼ੁਰੂ ਹੋਇਆ, ਉਦੋਂ ਸਿਰਫ਼ ਡਰਾਈਵਰ ਸੀਟ ‘ਤੇ ਹੀ ਇਸ ਨੂੰ ਲਾਜ਼ਮੀ ਕੀਤਾ ਗਿਆ ਸੀ। ਇਸ ਨੂੰ ਇਕ ਜੁਲਾਈ 2019 ਤੋਂ ਲਾਜ਼ਮੀ ਕੀਤਾ ਗਿਆ ਸੀ। ਬਾਅਦ ਵਿਚ ਇਸ ਨੂੰ ਫਰੰਟ ਸੀਟ ‘ਤੇ ਲਾਜ਼ਮੀ ਕਰ ਦਿੱਤਾ ਗਿਆ। ਹੁਣ ਸਰਕਾਰ 6 ਏਅਰਬੈਗ ਨੂੰ ਲਾਜ਼ਮੀ ਕਰਨ ਵਾਲੀ ਹੈ।
ਦੁਨੀਆ ਦਾ ਪਹਿਲਾ ਏਅਰਬੈਗ
ਜੇਕਰ ਦੁਨੀਆ ਦੇ ਪਹਿਲੇ ਏਅਰਬੈਗ ਦੀ ਗੱਲ ਕਰੀਏ ਤਾਂ ਅਮਰੀਕਾ ਦੇ ਜੌਨ ਹੈਟ੍ਰਿਕ (John Hetrick) ਤੇ ਜਰਮਨੀ ਦੇ ਵਾਲਟਰ ਲਿੰਡਰਰ (Walter Linderer) ਦਾ ਨਾਂ ਆਉਂਦਾ ਹੈ। ਦੋਵਾਂ ਨੇ ਲਗਪਗ ਇੱਕੋ ਸਮੇਂ ਏਅਰਬੈਗ ਤਿਆਰ ਕੀਤਾ ਸੀ। ਲਿੰਡਰਰ ਦਾ ਡਿਜ਼ਾਈਨ ਮਰਸਿਡੀਜ਼ (Mercedes) ਨੇ ਆਪਣੀ ਲਗਜ਼ਰੀ ਕਾਰਾਂ ‘ਚ ਇਸਤੇਮਾਲ ਕੀਤਾ, ਉੱਥੇ ਹੀ ਹੈਟ੍ਰਿਕ ਤੋਂ ਪ੍ਰੇਰਿਤ ਹੋ ਕੇ ਫੋਰਡ (Ford) ਤੇ ਕ੍ਰਾਈਸਲਰ (Chrysler) ਵਰਗੀਆਂ ਕੰਪਨੀਆਂ ਨੇ ਏਅਰਬੈਗ ਆਪਣੀਆਂ ਕਾਰਾਂ ‘ਚ ਲਗਾਏ।