ਵਿਧਵਾ ਜੇਕਰ ਪਤੀ ਦੇ ਭਰਾ ਨਾਲ ਵਿਆਹ ਕਰੇ ਤਾਂ ਵੀ ਫੈਮਿਲੀ ਪੈਨਸ਼ਨ ਦੀ ਹੱਕਦਾਰ,ਵਿਧਵਾ ਦੀ ਪਟੀਸ਼ਨ ’ਤੇ ਹਾਈ ਕੋਰਟ ਨੇ ਸੁਣਾਇਆ ਫੈਸਲਾ

ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਵਿਧਵਾ ਜੇਕਰ ਪਤੀ ਦੇ ਭਰਾ ਨਾਲ ਵਿਆਹ ਕਰੇ ਤਾਂ ਵੀ ਉਹ ਫੈਮਿਲੀ ਪੈਨਸ਼ਨ ਦੀ ਹੱਕਦਾਰ ਹੋਵੇਗੀ। ਇਹ ਫ਼ੈਸਲਾ ਹਾਈ ਕੋਰਟ ਦੇ ਜਸਟਿਸ ਐੱਮਐੱਸ ਰਾਮਚੰਦਰ ਰਾਓ ਤੇ ਜਸਟਿਸ ਸੁਖਵਿੰਦਰ ਕੌਰ ਦੇ ਬੈਂਚ ਨੇ ਫਤਹਿਗੜ੍ਹ ਸਾਹਿਬ ਦੇ ਇਕ ਫ਼ੌਜ ਦੇ ਜਵਾਨ ਦੀ ਵਿਧਵਾ ਸੁਖਜੀਤ ਕੌਰ ਦੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਦਿੱਤਾ। ਹਾਈ ਕੋਰਟ ਨੇ ਕਿਹਾ ਕਿ ਅਜਿਹੇ ਵਿਅਕਤੀ ਦੀ ਵਿਧਵਾ ਨਾਲ ਵਿਤਕਰਾ ਨਹੀਂ ਹੋਣਾ ਚਾਹੀਦਾ, ਜਿਸਦੇ ਪਤੀ ਦੀ ਮੌਤ ਫ਼ੌਜੀ ਸੇਵਾ ’ਚ ਡਿਊਟੀ ਦੌਰਾਨ ਹੋਈ ਹੋਵੇ ਜਾਂ ਫਿਰ ਉਸਦੀ ਮੌਤ ਤਬੀਅਤ ਵਿਗੜਨ ਕਾਰਨ ਹੋਈ ਹੋਵੇ।

ਸੁਖਜੀਤ ਕੌਰ ਵੱਲੋਂ ਦਾਖ਼ਲ ਪਟੀਸ਼ਨ ਮੁਤਾਬਕ ਉਸਦੇ ਪਹਿਲੇ ਪਤੀ ਮਹਿੰਦਰ ਸਿੰਘ 4 ਜਨਵਰੀ, 1964 ਨੂੰ ਭਾਰਤੀ ਹਵਾਈ ਫ਼ੌਜ ’ਚ ਬਤੌਰ ਫ਼ੌਜੀ ਭਰਤੀ ਹੋਏ ਸਨ। 21 ਨਵੰਬਰ 1971 ਨੂੰ ਮੈਡੀਕਲ ਆਧਾਰ ’ਤੇ ਸੇਵਾਮੁਕਤ ਕਰ ਕੇ ਉਨ੍ਹਾਂ ਨੂੁੰ ਅੰਗਹੀਣ ਪੈਨਸ਼ਨ ਦਿੱਤੀ ਗਈ ਸੀ। ਕੁਝ ਸਮੇਂ ਬਾਅਦ ਮਹਿੰਦਰ ਇਕ ਸਾਧਾਰਨ ਮੁਲਾਜ਼ਮ ਵਜੋਂ ਦੁਬਾਰਾ ਭਾਰਤੀ ਹਵਾਈ ਫ਼ੌਜ ’ਚ ਸ਼ਾਮਲ ਹੋ ਗਏ। 26 ਜੂੁਨ, 1974 ਨੂੰ ਉਨ੍ਹਾਂ ਦਾ ਮਹਿੰਦਰ ਨਾਲ ਵਿਆਹ ਹੋ ਗਿਆ। ਸੇਵਾ ਦੌਰਾਨ ਹੀ 27 ਮਾਰਚ, 1975 ਨੂੰ ਪਤੀ ਮਹਿੰਦਰ ਦੀ ਮੌਤ ਹੋ ਗਈ। ਅਪ੍ਰੈਲ 1975 ’ਚ ਇਕ ਲੜਕੀ ਦਾ ਜਨਮ ਹੋਇਆ। ਪਤੀ ਦੀ ਮੌਤ ਤੋਂ ਬਾਅਦ ਉਨ੍ਹਾ ਨੂੰ ਫੈਮਿਲੀ ਪੈਨਸ਼ਨ ਦਿੱਤੀ ਗਈ। ਬਾਅਦ ’ਚ ਉਨ੍ਹਾਂ ਨੇ ਪਤੀ ਦੇ ਛੋਟੇ ਭਰਾ ਨਾਲ ਵਿਆਹ ਕਰ ਲਿਆ। ਅਪ੍ਰੈਲ, 1982 ’ਚ ਕੇਂਦਰ ਸਰਕਾਰ ਨੇ ਪੈਨਸ਼ਨ ਇਸ ਲਈ ਰੋਕ ਦਿੱਤੀ ਕਿ ਉਸਨੇ ਦੂਜਾ ਵਿਆਹ ਕਰ ਲਿਆ ਹੈ। ਇਸ ਤੋਂ ਬਾਅਦ ਸੁਖਜੀਤ ਨੇ ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ (ਕੈਟ) ਚੰਡੀਗੜ੍ਹ ’ਚ ਪਟੀਸ਼ਨ ਦਾਖ਼ਲ ਕਰ ਕੇ ਪੈਨਸ਼ਨ ਬਹਾਲ ਕਰਨ ਦੀ ਮੰਗ ਕੀਤੀ। ਕੈਟ ਨੇ ਵੀ 29 ਅਪ੍ਰੈਲ, 2016 ਨੂੰ ਉਸਦੀ ਪੈਨਸ਼ਨ ਬਹਾਲ ਕਰ ਦਿੱਤੀ। ਕਾਰਨ ਦੱਸਿਆ ਸੀ ਕਿ ਸੀਸੀਐੱਸ ਨਿਯਮਾਂ ਤਹਿਤ ਉਸਨੂੰ ਪੈਨਸ਼ਨ ਨਹੀਂ ਦਿੱਤੀ ਜਾ ਸਕਦੀ। ਉਕਤ ਨਿਯਮ ਸਿਰਫ਼ ਸਰਕਾਰੀ ਸੇਵਾ ਦੌਰਾਨ ਮੌਤ ਜਾਂ ਅੰਗਹੀਣਤਾ ਦੀ ਸਥਿਤੀ ’ਚ ਲਾਗੂ ਹੁੰਦੇ ਹਨ। ਇਸ ਕਾਰਨ ਉਹ ਪਰਿਵਾਰਕ ਪੈਨਸ਼ਨ ਲਈ ਪਾਤਰ ਨਹੀਂ ਹੈ। ਇਸ ਤੋਂ ਬਾਅਦ ਵਿਧਵਾ ਨੇ ਕੈਟ ਦੇ ਇਨ੍ਹਾਂ ਆਦੇਸ਼ਾਂ ਨੂੰ ਹਾਈ ਕੋਰਟ ’ਚ ਚੁਣੌਤੀ ਦਿੱਤੀ। ਬੁੱਧਵਾਰ ਨੂੰ ਹਾਈ ਕੋਰਟ ਨੇ ਪੈਨਸ਼ਨ ਬਹਾਲੀ ਦੇ ਆਦੇਸ਼ ਜਾਰੀ ਕਰਦੇ ਹੋਏ ਆਪਣੇ ਫੈਸਲੇ ’ਚ ਕਿਹਾ ਕਿ ਸੇਵਾ ’ਚ ਜਾਂ ਸੇਵਾ ਤੋਂ ਬਾਅਦ ਮੌਤ ਹੋਣ ਤੋਂ ਬਾਅਦ ਦੋਵਾਂ ਸਥਿਤੀਆਂ ’ਚ ਵਿਧਵਾਵਾਂ ਦੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਬਰਾਬਰ ਹਨ ਤੇ ਮੌਤ ਦੇ ਕਾਰਨ ’ਚ ਫ਼ਰਕ ਨੂੰ ਪੈਨਸ਼ਨ ਦੇ ਮੁੱਲ ਦੇ ਫ਼ਰਕ ਦੇ ਰੂਪ ’ਚ ਆਧਾਰ ਨਹੀਂ ਬਣਾਇਆ ਜਾ ਸਕਦਾ।

Leave a Reply

Your email address will not be published. Required fields are marked *