ਫਰਜ਼ੀ ਡੋਪ ਟੈਸਟ ਮਾਮਲੇ ‘ਚ ਤਿੰਨ ਹੋਰ ਵਿਅਕਤੀਆਂ ਦੇ ਨਾਵਾਂ ਦਾ ਖੁਲਾਸਾ, ਦਰਜਾ-ਚਾਰ ਮੁਲਾਜ਼ਮ ਨੇ ਮੰਨਿਆ ਕਿ 11,000 ਰੁਪਏ ’ਚ ਹੋਇਆ ਸੀ ਸੌਦਾ

ਮੁਹਾਲੀ ਦੇ ਸਿਵਲ ਹਸਪਤਾਲ (Civil Hospital Mohali) ’ਚ ਡੋਪ ਟੈਸਟ (Dope Test) ਕਰਵਾਉਣ ਦੇ ਨਾਂ ’ਤੇ ਚੱਲਦੇ ਫਰਜ਼ੀਵਾਡ਼ੇ ਦਾ ਸ਼ੱਕ ਯਕੀਨ ’ਚ ਬਦਲਦਾ ਜਾ ਰਿਹਾ ਹੈ। ਪਤਾ ਚੱਲਿਆ ਹੈ ਕਿ ਐੱਸਐੱਮਓ ਵੱਲੋਂ ਬਣਾਈ ਡਾਕਟਰਾਂ ਦੀ ਕਮੇਟੀ ਅੱਗੇ ਸੂਤਰਧਾਰ ਦਰਜਾ-ਚਾਰ ਕਰਮਚਾਰੀ ਨੇ ਤਿੰਨ ਹੋਰ ਵਿਅਕਤੀਆਂ ਦੇ ਨਾਵਾਂ ਦਾ ਖ਼ੁਲਾਸਾ ਕੀਤਾ ਹੈ। ਜਾਣਕਾਰੀ ਮਿਲੀ ਹੈ ਕਿ ਸਾਰੇ ਵਿਅਕਤੀ ਸਿਹਤ ਵਿਭਾਗ ਦੇ ਮੁਲਾਜ਼ਮ ਹਨ ਜਿਨ੍ਹਾਂ ਨੂੰ ਪਡ਼ਤਾਲ਼ੀਆ ਟੀਮ ਨੇ ਤਲਬ ਕਰ ਲਿਆ। ਜਾਣਕਾਰੀ ਮਿਲੀ ਹੈ ਕਿ ਦਰਜਾ-ਚਾਰ ਕਰਮਚਾਰੀ ਨੇ ਆਪਣੇ ਬਿਆਨਾਂ ’ਚ ਇਹ ਗੱਲ ਮੰਨੀ ਹੈ ਕਿ ਉਸ ਨੇ ਇਕ ਸ਼ਖਸ ਦਾ ਡੋਪ ਟੈਸਟ 11 ਹਜ਼ਾਰ ਰੁਪਏ ’ਚ ਸੌਦਾ ਤੈਅ ਹੋਇਆ ਸੀ, ਪਰ ਹਾਲੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਜਿਸ ਵਿਅਕਤੀ ਤੋਂ ਟੈਸਟ ਦੇ ਪੈਸੇ ਮੰਗੇ ਸਨ ਉਸ ਦੀ ਰਿਪੋਰਟ ਕੀ ਆਈ ਹੈ ? ਦੂਜੇ ਪਾਸੇ ਅੱਜ ਤਲਬ ਹੋਏ ਤਿੰਨ ਮੁਲਾਜ਼ਮਾਂ ਨੇ ਅੱਗੇ ਵੀ ਅੱਗੇ ਦੋ ਹੋਰ ਲੋਕਾਂ ਦੇ ਨਾਵਾਂ ਦਾ ਖ਼ੁਲਾਸਾ ਕਰ ਦਿੱਤਾ ਹੈ ਜਿਨ੍ਹਾਂ ਨੂੰ ਸ਼ਨਿੱਚਰਵਾਰ ਪਡ਼ਤਾਲ ਲਈ ਬੁਲਾਇਆ ਗਿਆ ਹੈ। ਆਹਲਾ-ਮਿਆਰੀ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁਕਰਵਾਰ ਨੁੰ ਪਡ਼ਤਾਲ਼ ’ਚ ਸ਼ਾਮਲ ਹੋਏ ਤਿੰਨੋਂ ਸ਼ਖਸ ਇਸ ਡੋਪ ਟੈਸਟ ਫਰਜ਼ੀਵਾਡ਼ੇ ’ਚ ਸ਼ਾਮਲ ਨਾ ਹੋਣ ’ਤੇ ਅਡ਼ੇ ਰਹੇ।

ਪਤਾ ਚੱਲਿਆ ਹੈ ਕਿ ਹੁਣ ਤਕ ਇਸ ਜਾਂਚ ’ਚ 4 ਵਿਅਕਤੀਆਂ ਦੇ ਬਿਆਨ ਦਰਜ ਹੋਏ ਹਨ ਬਾਰੇ ਫ਼ਾਈਨਲ ਰਿਪੋਰਟ ਸੋਮਵਾਰ ਤਕ ਸਿਵਲ ਸਰਜਨ ਮੁਹਾਲੀ ਕੋਲ ਪੁੱਜੇਗੀ।

ਟਰੇਨਿੰਗ ਵਾਲੇ ਵਿਦਿਆਰਥੀ ਵੀ ਸੱਦੇ

ਮਾਮਲੇ ਦੀਆਂ ਪਰਤਾਂ ਖੁੱਲ੍ਹਣ ਤੋਂ ਬਾਅਦ ਸਿਹਤ ਵਿਭਾਗ ਦੀ ਪਡ਼ਤਾਲੀਆ ਟੀਮ ਨੇ ਇਸ ਮਹੀਨੇ ’ਚ ਟਰੇਨਿੰਗ ’ਤੇ ਮੁਹਾਲੀ ਹਸਪਤਾਲ ਆਏ ਵਿਦਿਆਰਥੀਆਂ ਨੂੰ ਜਾਂਚ ਲਈ ਬੁਲਾਇਆ ਹੈ। ਪਤਾ ਚੱਲਿਆ ਹੈ ਕਿ ਕਈ ਅਜਿਹੇ ਹਰੇਕ ਵਿਦਿਆਰਥੀ ਤੋਂ ਪਡ਼ਤਾਲ ਕੀਤੀ ਜਾ ਰਹੀ ਹੈ ਜਿਸ ਨੇ ਡੋਪ ਟੈਸਟ ਲੈਬ ’ਚ ਡਿਊਟੀ ਦਿੱਤੀ ਸੀ। ਅਜਿਹੇ ਲੈਬ ਟੈਕਨੀਸ਼ੀਅਨਾਂ ਦੀ ਗਿਣਤੀ ਦਹਾਈ ’ਚ ਦੱਸੀ ਜਾ ਰਹੀ ਹੈ। ਮੰਨਿਆਂ ਜਾ ਰਿਹਾ ਹੈ ਕਿ ਇਸ ਮਾਮਲੇ ’ਚ ਕੁੱਝ ਕੱਚੇ ਮੁਲਾਜ਼ਮ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਨੌਕਰੀਓਂ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਦੋਂ ਕਿ ਇਸ ਮਾਮਲੇ ’ਚ ਸ਼ੱਕ ਦੇ ਆਧਾਰ ’ਤੇ ਮੁਲਵੱਸ ਹੋਏ ਦਰਜਾ-ਚਾਰ ਕਰਮਚਾਰੀ ਵੱਡੀ ਕਾਰਵਾਈ ਹੋਣ ਦੇ ਸੰਕੇਤ ਹਨ।

ਤਿੰਨ ਡਾਕਟਰਾਂ ਦੀ ਟੀਮ ਕਰ ਰਹੀ ਜਾਂਚ

ਵੇਰਵਿਆਂ ਅਨੁਸਾਰ ਇਸ ਮਾਮਲੇ ਦੀ ਪਡ਼ਤਾਲ ਡਾ ਪਰਮਿੰਦਰਜੀਤ ਸਿੰਘ, ਡਾ ਵਿਕਰਮ ਜੱਸਲ ਅਤੇ ਡਾ ਨਿਖਿਲ ਕਰ ਰਹੇ ਹਨ। ਇਨ੍ਹਾਂ ਵਿਚੋਂ ਡਾਕਟਰ ਨਿਖਿਲ ਨੇ ਪਹਿਲਾਂ ਹੀ ਆਪਣਾਂ ਅਸਤੀਫ਼ਾ ਦਿੱਤਾ ਹੋਇਆ ਹੈ ਤੇ ਉਨ੍ਹਾਂ ਦਾ ਹਸਪਤਾਲ ’ਚ ਸ਼ੁਕਰਵਾਰ ਨੂੰ ਅਖ਼ੀਰਲਾ ਦਿਨ ਸੀ। ਸਿਹਤ ਵਿਭਾਗ ਦੇ ਅਧਿਕਾਰੀ ਹੁਣ ਸ਼ਨਿਚਰਵਾਰ ਨੂੰ ਟੀਮ ਪੂਰੀ ਕਰਨ ਵਾਸਤੇ ਇਕ ਹੋਰ ਡਾਕਟਰ ਨੂੰ ਸ਼ਾਮਲ ਕਰਨਗੇ। ਪਿਛਲੇ ਕੁੱਝ ਦਿਨਾਂ ਤੋਂ ਚਲ ਰਹੇ ਘਟਨਾਕ੍ਰਮ ’ਚ ਇਹ ਗੱਲ ਤਾਂ ਸਪੱਸ਼ਟ ਹੋ ਗਈ ਕਿ ਜੇਕਰ ਧੂੰਆਂ ਐਨਾ ਜ਼ਿਆਦਾ ਨਿਕਲ਼ ਰਿਹਾ ਹੈ ਤਾਂ ਅੱਗ ਬਡ਼ੀ ਭਿਆਨਕ ਲੱਗੀ ਹੋਈ ਹੈ। ਜਿਸ ਤਰ੍ਹਾਂ ਵਿਅਕਤੀਆਂ ਦੀ ਚੇਨ ਲੰਬੀ ਹੁੰਦੀ ਜਾ ਰਹੀ ਹੈ ਇਸ ਤੋਂ ਇਹ ਜਾਪ ਰਿਹਾ ਹੈ ਕਿ ਇਹ ਮਾਮਲਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ।

 

ਅਸੀਂ ਇਸ ਮਾਮਲੇ ਦੀ ਪੂਰੀ ਜਾਂਚ ਕਰ ਰਹੇ ਹਾਂ। ਅੱਜ ਕੁੱਝ ਹੋਰ ਮੁਲਾਜ਼ਮਾਂ ਦੇ ਬਿਆਨ ਦਰਜ ਹੋਏ ਹਨ ਜਿਨ੍ਹਾਂ ਵੱਲੋਂ ਨਸ਼ਰ ਕੀਤੇ ਕੁੱਝ ਹੋਰ ਬੰਦਿਆਂ ਨੂੰ ਬੁਲਾਇਆ ਗਿਆ ਹੈ। ਅਸੀਂ ਪੂਰੀ ਤਨਦੇਹੀ ਨਾਲ ਜਾਂਚ ਕਰ ਰਹੇ ਹਾਂ ਕਿਸੇ ਵੀ ਕਿਸਮ ਦੀ ਅਣਗਹਿਲੀ ਕਰਨ ਵਾਲੇ ਹਰੇਕ ਮੁਲਾਜ਼ਮ ਖ਼ਿਲਾਫ਼ ਵੱਡੀ ਕਾਰਵਾਈ ਹੋਵੇਗੀ। ਇਕ ਡਾਕਟਰ ਨੇ ਪਹਿਲਾਂ ਹੀ ਅਸਤੀਫ਼ਾ ਦਿੱਤਾ ਹੋਇਆ ਸੀ ਜਿਸ ਦੀ ਥਾਂ ’ਤੇ ਨਵਾਂ ਪਡ਼ਤਾਲੀਆ ਅਫ਼ਸਰ ਟੀਮ ’ਚ ਸ਼ਾਮਲ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *