ਕਾਂਗਰਸ ਦੇ ਸੰਸਦ ਮੈਂਬਰ ਸੰਤੋਖ ਚੌਧਰੀ ਦੇ ਸ਼ਨੀਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਤੋਂ ਬਾਅਦ ਭਾਰਤ ਜੋੜੋ ਯਾਤਰਾ 24 ਘੰਟਿਆਂ ਲਈ ਮੁਲਤਵੀ ਕਰ ਦਿੱਤੀ ਗਈ ਹੈ। ਹੁਣ ਇਹ ਯਾਤਰਾ ਭਲਕੇ ਬਾਅਦ ਦੁਪਹਿਰ ਖਾਲਸਾ ਕਾਲਜ ਜਲੰਧਰ ਦੀ ਗਰਾਊਂਡ ਤੋਂ ਸ਼ੁਰੂ ਹੋਵੇਗੀ। ਇਸ ਦੇ ਨਾਲ ਹੀ ਰਾਹੁਲ ਗਾਂਧੀ ਦੀ ਐਤਵਾਰ ਨੂੰ ਜਲੰਧਰ ‘ਚ ਹੋਣ ਵਾਲੀ ਪ੍ਰੈੱਸ ਕਾਨਫਰੰਸ ਵੀ ਰੱਦ ਕਰ ਦਿੱਤੀ ਗਈ ਹੈ।
ਸੰਤੋਖ ਸਿੰਘ ਚੌਧਰੀ ਦਾ ਸ਼ਨੀਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ ਭਾਰਤ ਜੋੜੋ ਯਾਤਰਾ ‘ਚ ਰਾਹੁਲ ਗਾਂਧੀ ਨਾਲ ਚੱਲ ਰਹੇ ਸਨ, ਜਦੋਂ ਸ਼ਨੀਵਾਰ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਉਹ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਫਗਵਾੜਾ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸੰਸਦ ਮੈਂਬਰ ਦਾ ਸਸਕਾਰ ਐਤਵਾਰ ਨੂੰ ਕੀਤਾ ਜਾਵੇਗਾ ਤੇ ਉਦੋਂ ਤੱਕ ਯਾਤਰਾ ਮੁਅੱਤਲ ਰਹੇਗੀ। ਉਨ੍ਹਾਂ ਕਿਹਾ, “ਯਾਤਰਾ ਅੱਜ ਲਈ ਮੁਅੱਤਲ ਕਰ ਦਿੱਤੀ ਗਈ ਹੈ। ਸਸਕਾਰ ਕੱਲ੍ਹ ਹੋਵੇਗਾ। ਮੈਂ ਅਜੇ ਤਕ ਰਾਹੁਲ ਗਾਂਧੀ ਨਾਲ ਗੱਲ ਨਹੀਂ ਕੀਤੀ ਹੈ ਪਰ ਅਸੀਂ ਸਾਰੇ ਮਹਿਸੂਸ ਕਰਦੇ ਹਾਂ ਕਿ ਯਾਤਰਾ ਸਸਕਾਰ ਤੋਂ ਬਾਅਦ ਮੁੜ ਸ਼ੁਰੂ ਹੋਣੀ ਚਾਹੀਦੀ ਹੈ।”